12 ਸਤੰਬਰ ਨੂੰ ਸੰਗਰੂਰ ਵਿੱਚ ਹੋਣ ਵਾਲੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਨੂੰ ਲੈ ਕੇ ਵੇਰਕਾ ਮਿਲਕ ਅਤੇ ਕੈਟਲ ਫ਼ੀਡ ਪਲਾਂਟ ਆਊਟਸੋਰਸ ਮੁਲਾਜ਼ਮ ਯੂਨੀਅਨ ਵੱਲੋਂ ਵਰਕਰਾਂ ਦੀ ਵੱਡੀ ਪੱਧਰ ’ਤੇ ਲਾਮਬੰਦੀ ਕੀਤੀ ਗਈ।

ਬਠਿੰਡਾ ਵਿੱਚ ਅੱਜ ਵੇਰਕਾ ਮਿਲਕ ਅਤੇ ਕੈਟਲ ਫ਼ੀਡ ਪਲਾਂਟ ਆਊਟਸੋਰਸ ਮੁਲਾਜ਼ਮ ਯੂਨੀਅਨ ਪੰਜਾਬ ਅਤੇ ਇੰਨਲਿਸਟਮੈਂਟ-ਆਊਟਸੋਰਸ ਤਾਲਮੇਲ ਕਮੇਟੀ ਪੰਜਾਬ ਦੇ ਸਾਂਝੇ ਬੈਨਰ ਹੇਠ ਪ੍ਰਭਾਵਸ਼ਾਲੀ ਗੇਟ ਰੈਲੀ ਕੀਤੀ ਗਈ।
ਰੈਲੀ ਦੌਰਾਨ ਯੂਨੀਅਨ ਆਗੂਆਂ ਵੱਲੋਂ 12 ਸਤੰਬਰ 2026 ਨੂੰ ਸੰਗਰੂਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਹੋਣ ਵਾਲੀ ਸੂਬਾ ਪੱਧਰੀ ਵਿਸ਼ਾਲ ਰੈਲੀ ਅਤੇ ਰੋਸ ਪ੍ਰਦਰਸ਼ਨ ਲਈ ਵਰਕਰਾਂ ਨੂੰ ਲਾਮਬੰਦ ਕੀਤਾ ਗਿਆ।
ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਅਤੇ ਹੋਰ ਆਗੂਆਂ ਨੇ ਕਿਹਾ ਕਿ ਸਰਕਾਰੀ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿੱਚ ਇੰਨਲਿਸਟਮੈਂਟ, ਆਊਟਸੋਰਸ, ਠੇਕੇਦਾਰਾਂ ਅਤੇ ਸੁਸਾਇਟੀਆਂ ਰਾਹੀਂ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ।
ਆਗੂਆਂ ਨੇ ਦੋਸ਼ ਲਗਾਇਆ ਕਿ 10 ਅਗਸਤ 2026 ਨੂੰ ਵਿਧਾਨ ਸਭਾ ਵਿੱਚ ਪਾਸ ਕੀਤੇ ਗਏ ‘ਆਊਟਸੋਰਸ ਪਰਸੋਨਲ ਬਿੱਲ-2026’ ਵਿੱਚ ਕਈ ਅਹਿਮ ਕੈਟਾਗਿਰੀਆਂ ਨੂੰ ਬਾਹਰ ਰੱਖਿਆ ਗਿਆ ਹੈ, ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ।
ਯੂਨੀਅਨ ਨੇ ਸਰਕਾਰ ਤੋਂ ਇੰਨਲਿਸਟਮੈਂਟ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ, ਘੱਟੋ-ਘੱਟ ਉਜਰਤ ਕਾਨੂੰਨ ਲਾਗੂ ਕਰਨ ਅਤੇ ਈ.ਪੀ.ਐਫ.-ਈ.ਐਸ.ਆਈ. ਸਮੇਤ ਹੋਰ ਮੰਗਾਂ ਦਾ ਹੱਲ ਕਰਨ ਦੀ ਮੰਗ ਕੀਤੀ।
ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ 12 ਸਤੰਬਰ ਤੋਂ ਪਹਿਲਾਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਯੂਨੀਅਨ ਵੱਲੋਂ ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਅਤੇ ਭਰਾਤਰੀ ਜਥੇਬੰਦੀਆਂ ਨੂੰ 12 ਸਤੰਬਰ ਨੂੰ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਰੂਰ ਪਹੁੰਚਣ ਦੀ ਅਪੀਲ ਕੀਤੀ ਗਈ।
ਪ੍ਰਧਾਨ ਜਸਵੀਰ ਸਿੰਘ — ਵੇਰਕਾ ਮਿਲਕ ਅਤੇ ਕੈਟਲ ਫ਼ੀਡ ਪਲਾਂਟ ਆਊਟਸੋਰਸ ਮੁਲਾਜ਼ਮ ਯੂਨੀਅਨ
ਫਿਲਹਾਲ ਬਠਿੰਡਾ ਵਿੱਚ ਹੋਈ ਇਸ ਗੇਟ ਰੈਲੀ ਰਾਹੀਂ ਯੂਨੀਅਨ ਨੇ 12 ਸਤੰਬਰ ਦੇ ਸੂਬਾ ਪੱਧਰੀ ਸੰਘਰਸ਼ ਨੂੰ ਸਫਲ ਬਣਾਉਣ ਲਈ ਆਪਣੀ ਤਿਆਰੀ ਦਾ ਐਲਾਨ ਕਰ ਦਿੱਤਾ ਹੈ।




