ਹੱਥਾਂ ਨਾਲ ਟੁੱਟ ਰਹੀ ਸੜਕ ਵਾਲੀ ਵੀਡੀਓ ਬਿਲਕੁਲ ਝੂਠੀ : ਮੰਤਰੀ ਹਰਭਜਨ ਸਿੰਘ ਈਟੀਓ
ਵਿਰੋਧੀ ਧਿਰਾਂ ਜਾਣਬੁੱਝ ਕੇ ਕਰ ਰਹੀਆਂ ਹਨ ਗੁਮਰਾਹਕੁੰਨ ਪ੍ਰਚਾਰ
ਕੈਬਿਨੇਟ ਮੰਤਰੀ ਨੇ ਵੱਖ-ਵੱਖ ਸੜਕਾਂ ਦੇ ਚੱਲ ਰਹੇ ਨਿਰਮਾਣ ਦਾ ਕੀਤਾ ਨਿਰੀਖਣ

ਮਾਈਸਰਖਾਨਾ (ਬਠਿੰਡਾ), 23 ਅਗਸਤ: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੂਬੇ ਵਿੱਚ 45 ਹਜ਼ਾਰ ਕਿਲੋਮੀਟਰ ਸੜਕਾਂ ਦਾ ਨਿਰਮਾਣ ਅਤੇ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਲਿੰਕ ਸੜਕਾਂ ਦੀ ਅਪਗ੍ਰੇਡੇਸ਼ਨ ਦਾ ਕੰਮ ਵੀ ਸ਼ੁਰੂ ਕੀਤਾ ਗਿਆ ਹੈ। ਇਸ ਦਾ ਮਕਸਦ ਸੂਬੇ ਦੇ ਲੋਕਾਂ ਨੂੰ ਬਿਹਤਰ ਸੜਕੀ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਅੱਗੇ ਲਿਜਾਣਾ ਹੈ।
ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਸ੍ਰੀ ਹਰਭਜਨ ਸਿੰਘ ਈਟੀਓ ਨੇ ਅੱਜ ਜ਼ਿਲ੍ਹਾ ਬਠਿੰਡਾ ਵਿੱਚ ਵੱਖ-ਵੱਖ ਸੜਕਾਂ ਦੇ ਚੱਲ ਰਹੇ ਅਤੇ ਮੁਕੰਮਲ ਹੋ ਚੁੱਕੇ ਨਿਰਮਾਣ ਕਾਰਜਾਂ ਦਾ ਨਿਰੀਖਣ ਕਰਨ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਮੌੜ ਸ੍ਰੀ ਸੁਖਵੀਰ ਸਿੰਘ ਮਾਈਸਰਖਾਨਾ, ਚੇਅਰਮੈਨ ਨਗਰ ਸੁਧਾਰ ਟਰੱਸਟ ਬਠਿੰਡਾ ਸ੍ਰੀ ਜਤਿੰਦਰ ਸਿੰਘ ਭੱਲਾ ਅਤੇ ਚੇਅਰਮੈਨ ਪੰਜਾਬ ਮੀਡੀਅਮ ਇੰਡਸਟਰੀਜ਼ ਡਿਵੈਲਪਮੈਂਟ ਬੋਰਡ ਸ੍ਰੀ ਨੀਲ ਗਰਗ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਸੋਸ਼ਲ ਮੀਡੀਆ ’ਤੇ ਬਠਿੰਡਾ ਦੀ ਇੱਕ ਸੜਕ ਸਬੰਧੀ ਵਾਇਰਲ ਹੋਈ ਵੀਡੀਓ ਅਤੇ ਇਸ ਮਾਮਲੇ ਨੂੰ ਲੈ ਕੇ ਕੀਤੀ ਗਈ ਪ੍ਰੈੱਸ ਕਾਨਫਰੰਸ ਦਾ ਜ਼ਿਕਰ ਕਰਦਿਆਂ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਉਨ੍ਹਾਂ ਨੇ ਸਥਾਨਕ ਮੈਂਬਰ ਪਾਰਲੀਮੈਂਟ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਸ੍ਰੀ ਬਿਕਰਮ ਮਜੀਠੀਆ ਨੂੰ ਚੈਕਿੰਗ ਦੌਰਾਨ ਮੌਕੇ ’ਤੇ ਹਾਜ਼ਰ ਰਹਿਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਮੌਕੇ ’ਤੇ ਪਹੁੰਚ ਕੇ ਸੜਕਾਂ ਦੀ ਚੈਕਿੰਗ ਕੀਤੀ ਗਈ, ਪਰ ਵਿਰੋਧੀ ਧਿਰਾਂ ਵੱਲੋਂ ਕੋਈ ਵੀ ਵਿਅਕਤੀ ਮੌਕੇ ’ਤੇ ਹਾਜ਼ਰ ਨਹੀਂ ਹੋਇਆ।
ਕੈਬਿਨੇਟ ਮੰਤਰੀ ਨੇ ਮਾਈਸਰਖਾਨਾ ਤੋਂ ਤਿੱਤਰਸਰ ਸਾਹਿਬ ਸੜਕ ਦਾ ਵੀ ਮੁਆਇਨਾ ਕੀਤਾ। ਸੜਕ ਦੇ ਕੰਮ ’ਤੇ ਤਸੱਲੀ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸ ਦਾ ਇੱਕ-ਇੱਕ ਪੈਸਾ ਸਹੀ ਤਰੀਕੇ ਨਾਲ ਖਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਸੜਕਾਂ ਦੇ ਨਿਰਮਾਣ ਵਿੱਚ ਗੁਣਵੱਤਾ, ਮਜ਼ਬੂਤੀ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਇਸ ਤੋਂ ਬਾਅਦ ਸ੍ਰੀ ਹਰਭਜਨ ਸਿੰਘ ਈਟੀਓ ਵੱਲੋਂ ਪਿੰਡ ਕੋਟਭਾਰਾ ਤੋਂ ਪਿੰਡ ਰਾਮਗੜ੍ਹ ਭੂੰਦੜ ਲਈ ਬਣਾਈ ਗਈ ਨਵੀਂ ਸੜਕ ਦੀ ਵੀ ਚੈਕਿੰਗ ਕੀਤੀ ਗਈ। ਇਸ ਮੌਕੇ ਸੜਕ ਦਾ ਨਮੂਨਾ ਕੁਆਲਿਟੀ ਕੰਟਰੋਲ ਕੇਂਦਰ, ਪਟਿਆਲਾ ਵੱਲੋਂ ਲਿਆ ਗਿਆ, ਤਾਂ ਜੋ ਸੜਕ ਦੀ ਗੁਣਵੱਤਾ ਦੀ ਜਾਂਚ ਕੀਤੀ ਜਾ ਸਕੇ। ਮੰਤਰੀ ਨੇ ਕਿਹਾ ਕਿ ਮੁੱਢਲੀ ਜਾਂਚ ਅਨੁਸਾਰ ਇਹ ਸੜਕ ਨਿਰਧਾਰਤ ਮਾਪਦੰਡਾਂ ਅਨੁਸਾਰ ਬਣਾਈ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜਾਂਚ ਦੌਰਾਨ ਸੜਕ ਦੇ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਊਣਤਾਈ ਸਾਹਮਣੇ ਆਉਂਦੀ ਹੈ ਤਾਂ ਸਬੰਧਤ ਠੇਕੇਦਾਰ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਪਿਛਲੇ ਦਿਨੀਂ ਇਸੇ ਸੜਕ ਨੂੰ ਹੱਥਾਂ ਨਾਲ ਟੁੱਟਦੇ ਦਿਖਾਉਂਦੀ ਵਾਇਰਲ ਹੋਈ ਵੀਡੀਓ ਬਾਰੇ ਮੰਤਰੀ ਨੇ ਕਿਹਾ ਕਿ ਇਹ ਵੀਡੀਓ ਬਿਲਕੁਲ ਝੂਠੀ ਹੈ। ਉਨ੍ਹਾਂ ਵਿਰੋਧੀ ਧਿਰਾਂ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਕੋਲ ਸਰਕਾਰ ਖ਼ਿਲਾਫ਼ ਕੋਈ ਮੁੱਦਾ ਨਹੀਂ ਹੈ, ਜਿਸ ਕਾਰਨ ਜਾਣਬੁੱਝ ਕੇ ਅਜਿਹਾ ਗੁਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਹੈ।
ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਹੁਤ ਸਿਆਣੇ ਅਤੇ ਸਮਝਦਾਰ ਹੋ ਚੁੱਕੇ ਹਨ ਅਤੇ ਉਹ ਗਲਤ ਤੇ ਗੁਮਰਾਹਕੁੰਨ ਪ੍ਰਚਾਰ ਦੇ ਝਾਂਸੇ ਵਿੱਚ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੜਕਾਂ ਦੇ ਨਿਰਮਾਣ ਕਾਰਜਾਂ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਜਿੱਥੇ ਵੀ ਕੋਈ ਕਮੀ ਸਾਹਮਣੇ ਆਵੇਗੀ, ਉੱਥੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਉਪ ਮੰਡਲ ਮੈਜਿਸਟਰੇਟ ਮੌੜ ਸ੍ਰੀ ਗੁਰਜਿੰਦਰ ਸਿੰਘ, ਮੁੱਖ ਇੰਜੀਨੀਅਰ ਅਨਿਲ ਗੁਪਤਾ, ਨਿਗਰਾਨ ਇੰਜੀਨੀਅਰ ਅਨੀਲ ਸ਼ਰਮਾ, ਕਾਰਜਕਾਰੀ ਇੰਜੀਨੀਅਰ ਓਂਕਾਰ ਸਿੰਘ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।




