ਸ਼ਹੀਦ ਬਾਬਾ ਜੀਵਨ ਸਿੰਘ ਰੰਗਰੇਟਾ ਦਾ ਜਨਮ ਦਿਹਾੜਾ ਸਾਂਝੇ ਤੌਰ ’ਤੇ ਮਨਾਇਆ ਜਾਵੇਗਾ: ਗਹਿਰੀ

ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਬੱਲੂਆਣਾ ਵਿਖੇ ਸ਼੍ਰੋਮਣੀ ਜਰਨੈਲ, ਅਮਰ ਸ਼ਹੀਦ ਬਾਬਾ ਜੀਵਨ ਸਿੰਘ ਰੰਗਰੇਟਾ, ‘ਗੁਰੂ ਕਾ ਬੇਟਾ’ ਦਾ ਜਨਮ ਦਿਵਸ ਸਮਾਰੋਹ ਸਾਂਝੇ ਤੌਰ ’ਤੇ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਸਬੰਧੀ ਨੈਸ਼ਨਲ ਦਲਿਤ ਮਹਾਂਪੰਚਾਇਤ ਪੰਜਾਬ ਦੇ ਚੇਅਰਮੈਨ ਅਤੇ ਕਾਂਗਰਸ ਦੇ ਜਨਰਲ ਸਕੱਤਰ ਕਿਰਨਜੀਤ ਸਿੰਘ ਗਹਿਰੀ ਵੱਲੋਂ ਬਰਨਾਲਾ ਪਹੁੰਚ ਕੇ ਸੰਤ ਬਾਬਾ ਬੂਟਾ ਸਿੰਘ ਗੁਰਥੜੀ ਅਤੇ ਵਿਦਵਾਨ ਮਨਦੀਪ ਸਿੰਘ ਵਿਦਿਆਰਥੀ ਨੂੰ ਬੱਲੂਆਣਾ ਵਿਖੇ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ।
ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਰੰਗਰੇਟਾ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਹਰ ਦੁੱਖ-ਸੁੱਖ ਵਿੱਚ ਸਾਥ ਨਿਭਾਇਆ ਅਤੇ ਆਪਣਾ ਸਾਰਾ ਪਰਿਵਾਰ ਪੰਥ ਦੇ ਲੇਖੇ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਬਾਬਾ ਜੀਵਨ ਸਿੰਘ ਦੀ ਕੁਰਬਾਨੀ ਅਤੇ ਨਿਰਸਵਾਰਥ ਤਿਆਗ ਸਾਡੇ ਲਈ ਪ੍ਰੇਰਣਾ ਦਾ ਸਰੋਤ ਹੈ।
ਗਹਿਰੀ ਨੇ ਸਮੂਹ ਜਥੇਬੰਦੀਆਂ, ਸੰਗਤਾਂ ਅਤੇ ਪੰਥਕ ਤੇ ਰਾਜਨੀਤਕ ਆਗੂਆਂ ਨੂੰ ਅਪੀਲ ਕੀਤੀ ਕਿ ਬਾਬਾ ਜੀਵਨ ਸਿੰਘ ਰੰਗਰੇਟਾ ਦਾ ਜਨਮ ਦਿਹਾੜਾ ਸਾਂਝੇ ਤੌਰ ’ਤੇ ਮਨਾਇਆ ਜਾਵੇ ਅਤੇ ਇਸ ਸਮਾਗਮ ਨੂੰ ਇਤਿਹਾਸਕ ਬਣਾਇਆ ਜਾਵੇ।
ਇਸ ਦੇ ਨਾਲ ਹੀ ਕਿਰਨਜੀਤ ਸਿੰਘ ਗਹਿਰੀ ਨੇ ਸੰਤ ਬਾਬਾ ਬੂਟਾ ਸਿੰਘ ਗੁਰਥੜੀ ਨੂੰ ਕਥਿਤ ਤੌਰ ’ਤੇ ਅਪਮਾਨਿਤ ਅਤੇ ਪ੍ਰੇਸ਼ਾਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਉਨ੍ਹਾਂ ਨੇ ਐੱਸ.ਐੱਸ.ਪੀ. ਬਰਨਾਲਾ ਅਤੇ ਡੀ.ਐੱਸ.ਪੀ. ਨਾਲ ਮੁਲਾਕਾਤ ਕਰਕੇ ਮਾਮਲੇ ਵਿੱਚ ਐੱਸ.ਸੀ. ਐਕਟ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ। ਗਹਿਰੀ ਨੇ ਕਿਹਾ ਕਿ ਜੇਕਰ ਬਾਬਾ ਬੂਟਾ ਸਿੰਘ ਦਾ ਸਤਿਕਾਰ ਬਹਾਲ ਨਾ ਕੀਤਾ ਗਿਆ ਤਾਂ 13 ਸਤੰਬਰ ਨੂੰ ਬੱਲੂਆਣਾ ਵਿਖੇ ਮਾਮਲੇ ਨੂੰ ਵਿਚਾਰਿਆ ਜਾਵੇਗਾ ਅਤੇ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਸਮਾਜ ਸੇਵਾ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਇਸ ਮੌਕੇ ਕ੍ਰਿਸ਼ਨ ਸਿੰਘ ਸੰਘੇੜਾ, ਬਾਬਾ ਹਰਪ੍ਰੀਤ ਸਿੰਘ ਤਰਨਾ ਦਲ, ਜਸਵੀਰ ਸਿੰਘ ਗੋਬਿੰਦਪੁਰਾ, ਗੁਰਬਿੰਦਰ ਸਿੰਘ ਭੁੱਚੋ ਅਤੇ ਜਗਦੀਪ ਸਿੰਘ ਬਰਨਾਲਾ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।




