ਬਠਿੰਡਾ ‘ਚ ਟਰੈਫਿਕ ਪੁਲਿਸ ਦੀ ਸਖ਼ਤੀ!
ਸੜਕਾਂ ‘ਤੇ ਗੱਡੀਆਂ ਖੜ੍ਹੀਆਂ ਕਰਨ ਵਾਲਿਆਂ ਦੇ ਕੱਟੇ ਚਲਾਨ
ਬਠਿੰਡਾ ਸ਼ਹਿਰ ਵਿੱਚ ਲਗਾਤਾਰ ਵਧ ਰਹੀ ਟਰੈਫਿਕ ਸਮੱਸਿਆ ਲੋਕਾਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਸ਼ਹਿਰ ਵਿੱਚ ਟਰੈਫਿਕ ਜਾਮ ਹੋਣ ਦੇ ਕਈ ਕਾਰਨ ਹਨ। ਇਨ੍ਹਾਂ ਵਿੱਚ ਈ-ਰਿਕਸ਼ਿਆਂ ਦੀ ਵਧਦੀ ਗਿਣਤੀ ਦੇ ਨਾਲ-ਨਾਲ ਸੜਕਾਂ ’ਤੇ ਗਲਤ ਢੰਗ ਨਾਲ ਖੜ੍ਹੀਆਂ ਕੀਤੀਆਂ ਗੱਡੀਆਂ ਅਤੇ ਦੁਕਾਨਾਂ ਦੇ ਬਾਹਰ ਕੀਤੇ ਜਾਂਦੇ ਕਬਜ਼ੇ ਵੀ ਇੱਕ ਵੱਡੀ ਸਮੱਸਿਆ ਬਣੇ ਹੋਏ ਹਨ।
ਅਕਸਰ ਦੇਖਣ ਨੂੰ ਮਿਲਦਾ ਹੈ ਕਿ ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਅੱਗੇ ਸਮਾਨ ਰੱਖ ਕੇ ਜਗ੍ਹਾ ਘੇਰ ਲੈਂਦੇ ਹਨ। ਇਸ ਤੋਂ ਇਲਾਵਾ ਦੁਕਾਨਾਂ ’ਤੇ ਆਉਣ ਵਾਲੇ ਗਾਹਕ ਆਪਣੀਆਂ ਗੱਡੀਆਂ ਸੜਕ ’ਤੇ ਖੜ੍ਹੀਆਂ ਕਰ ਦਿੰਦੇ ਹਨ। ਕਈ ਵਾਰ ਦੁਕਾਨਦਾਰ ਖੁਦ ਵੀ ਆਪਣੀਆਂ ਗੱਡੀਆਂ ਦੁਕਾਨਾਂ ਦੇ ਬਾਹਰ ਸੜਕ ’ਤੇ ਖੜ੍ਹੀਆਂ ਕਰਦੇ ਹਨ। ਇਸ ਕਾਰਨ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਲੰਬੇ ਸਮੇਂ ਤੱਕ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ।
ਬਠਿੰਡਾ ਦੀ ਗਨੇਸ਼ਾ ਬਸਤੀ ਤਿੰਨ ਕੋਣੀ ਦੇ ਨੇੜੇ ਵੀ ਅਜਿਹੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਇੱਥੇ ਵੱਡੀ ਗਿਣਤੀ ਵਿੱਚ ਕਾਰ ਰਿਪੇਅਰ ਅਤੇ ਵਰਕਸ਼ਾਪਾਂ ਦੀਆਂ ਦੁਕਾਨਾਂ ਹਨ। ਇਲਜ਼ਾਮ ਹੈ ਕਿ ਕਈ ਵਾਰ ਵਰਕਸ਼ਾਪਾਂ ਵਾਲੇ ਵਾਹਨ ਸੜਕ ’ਤੇ ਖੜ੍ਹੇ ਕਰਕੇ ਹੀ ਉਨ੍ਹਾਂ ਦੀ ਮੁਰੰਮਤ ਕਰਦੇ ਹਨ, ਜਿਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸਮੱਸਿਆ ਨੂੰ ਲੈ ਕੇ ਲੋਕਾਂ ਵੱਲੋਂ ਲਗਾਤਾਰ ਟਰੈਫਿਕ ਪੁਲਿਸ ’ਤੇ ਵੀ ਸਵਾਲ ਚੁੱਕੇ ਜਾ ਰਹੇ ਸਨ ਕਿ ਮੇਨ ਰੋਡ ’ਤੇ ਦੁਕਾਨਦਾਰਾਂ ਜਾਂ ਵਰਕਸ਼ਾਪਾਂ ਵੱਲੋਂ ਖੜ੍ਹੀਆਂ ਕੀਤੀਆਂ ਗੱਡੀਆਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ। ਇਸੇ ਤਰ੍ਹਾਂ ਹਸਪਤਾਲਾਂ ਦੇ ਬਾਹਰ ਸੜਕਾਂ ’ਤੇ ਖੜ੍ਹੀਆਂ ਗੱਡੀਆਂ ਵੀ ਟਰੈਫਿਕ ਵਿੱਚ ਰੁਕਾਵਟ ਬਣਦੀਆਂ ਹਨ।
ਹੁਣ ਲੋਕਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਬਠਿੰਡਾ ਟਰੈਫਿਕ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਅੱਜ ਹਨੁਮਾਨ ਚੌਂਕ ਤੋਂ ਲੈ ਕੇ ਤਿੰਨ ਕੋਣੀ ਤੱਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਸੜਕ ’ਤੇ ਗਲਤ ਢੰਗ ਨਾਲ ਖੜ੍ਹੀਆਂ ਕੀਤੀਆਂ ਗੱਡੀਆਂ ਦੇ ਚਲਾਨ ਕੱਟੇ ਗਏ।
ਬਠਿੰਡਾ ਟਰੈਫਿਕ ਇੰਚਾਰਜ ਮੇਜਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਸ ਇਲਾਕੇ ਵਿੱਚ ਸੜਕ ’ਤੇ ਗੱਡੀਆਂ ਖੜ੍ਹੀਆਂ ਕਰਨ ਕਾਰਨ ਟਰੈਫਿਕ ਜਾਮ ਹੁੰਦਾ ਹੈ ਅਤੇ ਲੋਕਾਂ ਨੂੰ ਆਉਣ-ਜਾਣ ਵਿੱਚ ਮੁਸ਼ਕਲ ਆਉਂਦੀ ਹੈ।
ਉਨ੍ਹਾਂ ਦੱਸਿਆ ਕਿ ਇਸੇ ਦੇ ਮੱਦੇਨਜ਼ਰ ਅੱਜ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਅਤੇ ਸੜਕ ’ਤੇ ਗੱਡੀਆਂ ਖੜ੍ਹੀਆਂ ਕਰਨ ਵਾਲਿਆਂ ਦੇ ਚਲਾਨ ਕੀਤੇ ਗਏ।
ਟਰੈਫਿਕ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸੜਕ ’ਤੇ ਗਲਤ ਢੰਗ ਨਾਲ ਵਾਹਨ ਖੜ੍ਹੇ ਨਾ ਕੀਤੇ ਜਾਣ। ਜੇਕਰ ਅੱਗੇ ਤੋਂ ਕਿਸੇ ਵਿਅਕਤੀ ਵੱਲੋਂ ਸੜਕ ’ਤੇ ਗੱਡੀ ਖੜ੍ਹੀ ਕਰਕੇ ਟਰੈਫਿਕ ਵਿੱਚ ਰੁਕਾਵਟ ਪੈਦਾ ਕੀਤੀ ਜਾਂਦੀ ਹੈ ਤਾਂ ਉਸ ਖ਼ਿਲਾਫ਼ ਚਲਾਨ ਦੀ ਕਾਰਵਾਈ ਕੀਤੀ ਜਾਵੇਗੀ।
ਹੁਣ ਦੇਖਣਾ ਇਹ ਹੋਵੇਗਾ ਕਿ ਟਰੈਫਿਕ ਪੁਲਿਸ ਦੀ ਇਹ ਕਾਰਵਾਈ ਬਠਿੰਡਾ ਸ਼ਹਿਰ ਦੀਆਂ ਸੜਕਾਂ ’ਤੇ ਲੱਗਣ ਵਾਲੇ ਜਾਮ ਤੋਂ ਲੋਕਾਂ ਨੂੰ ਕਿੰਨੀ ਰਾਹਤ ਦਿਵਾਉਂਦੀ ਹੈ।




