ਅੰਤਰਰਾਸ਼ਟਰੀ ਪੈਨਸ਼ਨਰਜ਼ ਅਤੇ ਰਿਟਾਇਰੀਜ਼ ਗਲੋਬਲ ਸਟਰਗਲ ਦਿਵਸ ਮਨਾਇਆ ਗਿਆ।
ਬਠਿੰਡਾ: ਸਾਬਕਾ ਡਾਕ ਅਤੇ ਰੇਲ ਡਾਕ ਸੇਵਾ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਬਠਿੰਡਾ ਬ੍ਰਾਂਚ ਅਤੇ ਆਲ ਇੰਡੀਆ ਬੀਐਸਐਨਐਲ ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਬਠਿੰਡਾ ਵੱਲੋਂ ਅੱਜ 1 ਅਕਤੂਬਰ 2026 ਨੂੰ ਟੈਲੀਫੋਨ ਐਕਸਚੇਂਜ E-10B ਦੇ ਗੇਟ ਉੱਪਰ ਸਾਂਝੇ ਤੌਰ ‘ਤੇ ਅੰਤਰਰਾਸ਼ਟਰੀ ਪੈਨਸ਼ਨਰਜ਼ ਅਤੇ ਰਿਟਾਇਰੀਜ਼ ਗਲੋਬਲ ਸਟਰਗਲ ਦਿਵਸ ਮਨਾਇਆ ਗਿਆ।
ਇਹ ਪ੍ਰੋਗਰਾਮ ਸੀ.ਐੱਚ.ਕਿਊ. ਦੀਆਂ ਹਦਾਇਤਾਂ ਅਨੁਸਾਰ ਵਰਲਡ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (WFTU) ਦੀ ਕਾਲ ‘ਤੇ ਆਯੋਜਿਤ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਇਸ ਦਿਵਸ ਦਾ ਮੁੱਖ ਮਕਸਦ ਪੈਨਸ਼ਨਰਾਂ ਲਈ ਸਮਾਜਿਕ ਸੁਰੱਖਿਆ, ਸਨਮਾਨ ਅਤੇ ਬਿਹਤਰ ਜੀਵਨ ਦੀ ਮੰਗ ਨੂੰ ਲੈ ਕੇ ਇਕਜੁੱਟ ਆਵਾਜ਼ ਬੁਲੰਦ ਕਰਨਾ ਹੈ।
ਇਸ ਮੌਕੇ ਡਵੀਜ਼ਨਲ ਸਕੱਤਰ ਮਘਰ ਸਿੰਘ ਨੇ ਵਰਲਡ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ ਬਾਰੇ ਜਾਣਕਾਰੀ ਦਿੱਤੀ ਅਤੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਨੂੰ ਉਜਾਗਰ ਕੀਤਾ।
ਇਨ੍ਹਾਂ ਮੰਗਾਂ ਵਿੱਚ ਮਹਿੰਗਾਈ ਦੇ ਅਨੁਸਾਰ ਢੁਕਵੀਂ ਅਤੇ ਸਮੇਂ ਸਿਰ ਪੈਨਸ਼ਨ ਸੋਧ, ਸਾਰਿਆਂ ਲਈ ਸਰਵਵਿਆਪਕ ਸਮਾਜਿਕ ਸੁਰੱਖਿਆ, ਕਿਫਾਇਤੀ ਅਤੇ ਵਧੀਆ ਸਿਹਤ ਸਹੂਲਤਾਂ, ਪੈਨਸ਼ਨ ਹੱਕਾਂ ਦੀ ਰਾਖੀ ਅਤੇ ਪੈਨਸ਼ਨ ਵਿਰੋਧੀ ਫੈਸਲਿਆਂ ਦਾ ਵਿਰੋਧ ਸ਼ਾਮਲ ਹੈ। ਇਸ ਤੋਂ ਇਲਾਵਾ ਮਹਿੰਗਾਈ ਦੇ ਅਨੁਸਾਰ ਸਮੇਂ ਸਿਰ ਪੈਨਸ਼ਨ ਰਿਵੀਜ਼ਨ ਅਤੇ ਬਜ਼ੁਰਗਾਂ ਲਈ ਸਨਮਾਨ, ਬਰਾਬਰੀ ਅਤੇ ਸੁਰੱਖਿਆ ਦੀ ਵੀ ਮੰਗ ਕੀਤੀ ਗਈ।
ਇਸ ਮੌਕੇ ਬੀਐਸਐਨਐਲ ਦੇ ਜ਼ਿਲ੍ਹਾ ਸਕੱਤਰ ਰਾਮ ਦਾਸ ਸਿੰਘ ਸੋਢੀ ਨੇ ਬੀਐਸਐਨਐਲ ਪੈਨਸ਼ਨਰਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮੰਗ ਕੀਤੀ ਕਿ ਮੈਡੀਕਲ ਭੱਤਾ ਜਾਰੀ ਰੱਖਿਆ ਜਾਵੇ, 1 ਜਨਵਰੀ 2017 ਤੋਂ ਪੈਨਸ਼ਨ ਸੋਧ ਲਾਗੂ ਕੀਤੀ ਜਾਵੇ ਅਤੇ ਟੀ.ਯੂ.ਆਰ. ਵਿੱਚ ਲੋੜੀਂਦੀ ਸੋਧ ਕੀਤੀ ਜਾਵੇ।
ਇਸ ਦੌਰਾਨ ਜਸਵੰਤ ਸਿੰਘ ਸੰਧੂ ਨੇ ਵੀ ਵਰਲਡ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਰਕਾਰ ਦੀਆਂ ਨੀਤੀਆਂ ਸਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ਤੇਜਾ ਸਿੰਘ ਪ੍ਰੇਮੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।
ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੈਨਸ਼ਨਰਾਂ ਦੇ ਹੱਕਾਂ ਅਤੇ ਸਮਾਜਿਕ ਸੁਰੱਖਿਆ ਨਾਲ ਜੁੜੀਆਂ ਮੰਗਾਂ ਨੂੰ ਲੈ ਕੇ ਉਨ੍ਹਾਂ ਦਾ ਸੰਘਰਸ਼ ਅੱਗੇ ਵੀ ਜਾਰੀ ਰਹੇਗਾ।




