ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ. ਦੇਵਾਨੰਦ ਉੱਤਮ ਨੇ ਕਿਹਾ ਕਿ ਅਧਿਆਪਕ ਦਿਵਸ ਭਾਰਤ ਦੇ ਮਹਾਨ ਫਿਲਾਸਫਰ, ਅਧਿਆਪਕ ਅਤੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਅਧਿਆਪਕ ਕਿਸੇ ਵੀ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਧਿਆਪਕ ਆਪਣੇ ਗਿਆਨ ਅਤੇ ਮਾਰਗਦਰਸ਼ਨ ਰਾਹੀਂ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਦੇ ਹਨ।
ਇਸ ਮੌਕੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਵਾਈਸ ਚਾਂਸਲਰ ਪ੍ਰੋ. ਡਾ. ਸੰਜੀਵ ਕੁਮਾਰ ਸ਼ਰਮਾ ਅਤੇ ਰਜਿਸਟਰਾਰ ਪ੍ਰੋ. ਡਾ. ਪਰਮਜੀਤ ਸਿੰਘ ਵੱਲੋਂ ਵੀ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਅਧਿਆਪਕ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ।
ਉਨ੍ਹਾਂ ਆਪਣੇ ਸੰਦੇਸ਼ ਵਿੱਚ ਡਾ. ਰਾਧਾਕ੍ਰਿਸ਼ਨਨ ਦੇ ਜੀਵਨ ਅਤੇ ਵਿਚਾਰਾਂ ਤੋਂ ਪ੍ਰੇਰਣਾ ਲੈਣ ਲਈ ਵੀ ਪ੍ਰੇਰਿਤ ਕੀਤਾ।
ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਸਹਿ-ਨਿਰਦੇਸ਼ਕ ਡਾ. ਵਿਨੀਤ ਚਾਵਲਾ ਨੇ ਕੀਤੀ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਆਪਣੇ ਅਧਿਆਪਕਾਂ ਪ੍ਰਤੀ ਸਤਿਕਾਰ ਅਤੇ ਪਿਆਰ ਦਾ ਪ੍ਰਗਟਾਵਾ ਕੀਤਾ ਗਿਆ।
ਸਮਾਗਮ ਦੀ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਵਿਦਿਆਰਥਣਾਂ ਅਨਮੋਲ ਕੌਰ, ਅਵਨੀਤ ਕੌਰ ਅਤੇ ਸੁਖਦੀਪ ਵੱਲੋਂ ਬਾਖੂਬੀ ਨਿਭਾਈ ਗਈ।
ਇਸ ਰੰਗਾਰੰਗ ਸਮਾਗਮ ਦੌਰਾਨ ਅਧਿਆਪਕਾਂ ਅਤੇ ਸੰਸਥਾ ਦੇ ਅਮਲੇ ਵੱਲੋਂ ਵੱਖ-ਵੱਖ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲਿਆ ਗਿਆ।
ਸਹਾਇਕ ਪ੍ਰੋਫੈਸਰ ਹਰਮਨਦੀਪ ਕੌਰ ਨੇ ਸ਼ਾਇਰੀ ਪੇਸ਼ ਕੀਤੀ, ਜਦਕਿ ਮੈਡਮ ਸ਼ਿੰਦਰਪਾਲ ਕੌਰ ਦੀਆਂ ਲੋਕ ਬੋਲੀਆਂ ਨੇ ਸਮਾਗਮ ਵਿੱਚ ਪੰਜਾਬੀ ਰੰਗ ਭਰ ਦਿੱਤਾ।
ਇਸ ਤੋਂ ਇਲਾਵਾ ਅਰਸ਼ਦੀਪ ਕੌਰ ਅਤੇ ਦਲਜੀਤ ਕੌਰ ਵੱਲੋਂ ਸ਼ਾਨਦਾਰ ਜੁਗਲਬੰਦੀ ਨਾਚ ਪੇਸ਼ ਕੀਤਾ ਗਿਆ। ਗਗਨ ਕੌਰ, ਰਾਜਵੰਤ ਕੌਰ ਅਤੇ ਮਨਮੀਤ ਕੌਰ ਨੇ ਵੀ ਆਪਣੀਆਂ ਨ੍ਰਿਤ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹਿਆ।
ਸੰਸਥਾ ਦੇ ਲੈਬ ਅਟੈਂਡੈਂਟ ਮਨਦੀਪ ਸਿੰਘ ਨੇ ਜੋਸ਼ੀਲਾ ਭੰਗੜਾ ਪੇਸ਼ ਕੀਤਾ, ਜਦਕਿ ਅਰਫ਼ ਜੋਸ਼ੀ ਨੇ ਸੁਰੀਲਾ ਗੀਤ ਗਾ ਕੇ ਵਾਹ-ਵਾਹ ਖੱਟੀ।
ਪੰਜਾਬੀ ਦੇ ਅਸਿਸਟੈਂਟ ਪ੍ਰੋਫੈਸਰ ਡਾ. ਪਰਮਪਾਲ ਸਿੰਘ ਵੱਲੋਂ ਭਾਵਪੂਰਤ ਕਵਿਤਾ ਪੇਸ਼ ਕੀਤੀ ਗਈ। ਇਸੇ ਤਰ੍ਹਾਂ ਗੁਰਪ੍ਰਤੀਕ ਸਿੰਘ ਅਤੇ ਸਵਰਨ ਸਿੰਘ ਨੇ ਸ਼ਾਨਦਾਰ ਸ਼ਾਇਰੀ ਪੇਸ਼ ਕੀਤੀ।
ਵਿਦਿਆਰਥੀਆਂ ਵੱਲੋਂ ਵੀ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ।
ਸਮਾਗਮ ਦੇ ਅਖੀਰ ਵਿੱਚ ਅਧਿਆਪਕਾਂ, ਸਟਾਫ਼ ਅਤੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਖੁੱਲ੍ਹਾ ਨਾਚ ਕੀਤਾ ਅਤੇ ਅਧਿਆਪਕ ਦਿਵਸ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਅੰਤ ਵਿੱਚ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਲਈ ਚਾਹ-ਪਾਣੀ ਅਤੇ ਹਲਕੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ।
ਕੁੱਲ ਮਿਲਾ ਕੇ ਪੀ.ਆਈ.ਟੀ. ਨੰਦਗੜ੍ਹ ਵਿਖੇ ‘ਗੁਰੂ ਵੰਦਨਾ’ ਪ੍ਰੋਗਰਾਮ ਅਧਿਆਪਕਾਂ ਦੇ ਸਨਮਾਨ ਅਤੇ ਵਿਦਿਆਰਥੀਆਂ ਦੀਆਂ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਯਾਦਗਾਰ ਬਣ ਗਿਆ।





